ਤੜਕਸਾਰ ਹਥਿਆਰਬੰਦ ਲੁਟੇਰਿਆਂ ਨੇ ਮਚਾਈ ਦਹਿਸ਼ਤ, ਲੁੱਟੇ 15 ਹਜਾਰ
ਦੋ ਨੂੰ ਲੁੱਟਣ ਵਿੱਚ ਰਹੇ ਨਾਕਾਮ, ਇੱਕ ਕੋਲੋਂ ਲੁੱਟੇ 15 ਹਜਾਰ
ਰੋਹਿਤ ਗੁਪਤਾ
ਗੁਰਦਾਸਪੁਰ 8 ਮਈ ਬੀਤੀ ਸਵੇਰ ਤੜਕਸਾਰ ਦੋ ਮੋਟਰਸਾਈਕਲਾਂ ਤੇ ਸਵਾਰ ਕੁਝ ਤੇਜ਼ਧਾਰ ਹਥਿਆਰਬੰਦ ਨੌਜਵਾਨਾਂ ਵੱਲੋਂ 20_25 ਮਿਨਟ ਦੇ ਅੰਤਰਾਲ ਵਿੱਚ ਲੁੱਟ ਖੋ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੂੰ ਸਿਰਫ ਇੱਕ ਨੌਜਵਾਨ ਨੂੰ ਲੁੱਟਣ ਵਿੱਚ ਕਾਮਯਾਬੀ ਹਾਸਿਲ ਹੋ ਪਾਈ। ਘਟਨਾ ਦੀ ਖ਼ਬਰ ਤੇਜ਼ੀ ਨਾਲ ਆਲੇ ਦੁਆਲੇ ਦੇ ਪਿੰਡਾਂ ਵਿੱਚ ਫੈਲ ਗਈ ਅਤੇ ਇਨਾ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਖੂਬ ਦਹਿਸ਼ਤ ਵਿੱਚ ਹਨ। ਹਥਿਆਰਬੰਦ ਨੌਜਵਾਨਾਂ ਨੇ ਥਰੀ ਵੀਲਰ ਤੇ ਜਾ ਰਹੇ ਇੱਕ ਪਿਓ ਪੁੱਤ ਦੇ ਥਰੀ ਵੀਲਰ ਅਤੇ ਸੈਰ ਕਰ ਰਹੇ ਇੱਕ ਹੋਰ ਜੋੜੇ ਤੇ ਲੁੱਟਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਅਤੇ ਸਬਜੀ ਮੰਡੀ ਜਾ ਰਹੇ ਇੱਕ ਹੋਰ ਮੋਪਡ ਸਵਾਰ ਕੋਲੋਂ 15 ਹਜ਼ਾਰ ਰੁਪਏ ਲੁੱਟ ਲਏ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗੁੰਡਾਗਰਦੀ ਉਸ ਰੋਡ ਤੇ ਦਿਖਾਈ ਗਈ ਹੈ ਜਿੱਥੇ ਕੁਝ ਦਿਨ ਬਾਅਦ ਵੋਟਾਂ ਦੀ ਗਿਣਤੀ ਹੋਣ ਵਾਲੀ ਹੈ ਜਿਸ ਕਾਰਨ ਇਹ ਇਲਾਕਾ ਬਹੁਤ ਸੰਵੇਦਨਸ਼ੀਲ ਹੈ।
ਇਨਾਂ ਸ਼ਰਾਰਤੀ ਨੌਜਵਾਨਾਂ ਨੇ ਪਹਿਲਾ ਨਿਸ਼ਾਨਾ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਪਿੰਡ ਵਰਿਆਂ ਨੇੜੇ ਆਪਣੇ ਪਿੰਡ 'ਪਰਸੋਂ ਕਾ ਪਿੰਡ' ਤੋਂ ਥ੍ਰੀ ਵੀਲਰ ਤੇ ਸਬਜੀ ਖਰੀਦਣ ਸਬਜੀ ਮੰਡੀ ਗੁਰਦਾਸਪੁਰ ਜਾ ਰਹੇ ਪਿਓ ਪੁੱਤ ਨੂੰ ਬਣਾਇਆ ਜੋ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ। ਤਰਸੇਮ ਮਸੀਹ ਨੇ ਦੱਸਿਆ ਕਿ ਉਹ ਆਪਣੇ ਛੋਟੇ ਲੜਕੇ ਲਵਲੀ ਨਾਲ ਸਬਜ਼ੀ ਖਰੀਦਣ ਸਬਜ਼ੀ ਮੰਡੀ ਜਾ ਰਿਹਾ ਸੀ ਕਿ ਸੁਖਜਿੰਦਰ ਕਾਲਜ ਨੇੜੇ ਪਿੰਡ ਤੁੰਗ ਅਤੇ ਵਰਿਆਂ ਦੇ ਵਿਚਕਾਰ ਦੋ ਮੋਟਰਸਾਈਕਲਾਂ ਤੇ ਸਵਾਰ ਤੇਜ਼ਧਾਰ ਹਥਿਆਰ ਬੰਦ ਨੌਜਵਾਨਾਂ ਨੇ ਥਰੀ ਵੀਲਰ ਦੇ ਅਗਲੇ ਸ਼ੀਸ਼ੇ ਤੇ ਦਾਤਰ ਨਾਲ ਹਮਲਾ ਕੀਤਾ ਜਿਸ ਕਾਰਨ ਸ਼ੀਸ਼ਾ ਟੁੱਟ ਗਿਆ। ਤਰਸੇਮ ਮਸੀਹ ਅਨੁਸਾਰ ਉਸ ਨੇ ਥਰੀ ਵੀਲਰ ਭਜਾ ਲਿਆ ਅਤੇ ਸਿੱਧਾ ਥਾਣਾ ਸਦਰ ਆ ਕੇ ਰੋਕਿਆ।
ਨੌਜਵਾਨਾਂ ਦਾ ਦੂਸਰਾ ਨਾਕਾਮ ਨਿਸ਼ਾਨਾ ਬਣੇ ਸੁਖਜਿੰਦਰ ਕਾਲਜ ਦੇ ਸਾਹਮਣੇ ਰਹਿੰਦੇ ਮੇਜਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸੜਕ ਤੇ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਸੈਰ ਕਰ ਰਿਹਾ ਸੀ ਕਿ ਪਿੱਛੋਂ ਦੋ ਮੋਟਰਸਾਈਕਲਾਂ ਤੇ ਸਵਾਰ ਹਥਿਆਰਬੰਦ ਨੌਜਵਾਨ ਆਏ ਅਤੇ ਲੁੱਟਣ ਦੀ ਨੀਅਤ ਨਾਲ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਮੇਜਰ ਰੰਧਾਵਾ ਅਨੁਸਾਰ ਪਹਿਲਾਂ ਤਾਂ ਉਸਨੇ ਇਹਨਾਂ ਨੌਜਵਾਨਾਂ ਦਾ ਮੁਕਾਬਲਾ ਕਰਨ ਦੀ ਸੋਚੀ ਪਰ ਪਤਨੀ ਦੇ ਨਾਲ ਹੋਣ ਕਾਰਨ ਉਸ ਨੇ ਆਪਣਾ ਵਿਚਾਰ ਛੱਡ ਦਿੱਤਾ ਤੇ ਪਤਨੀ ਸਮੇਤ ਨੇੜੇ ਦੇ ਆਪਣੇ ਜਾਨ ਪਹਿਚਾਣ ਵਾਲੇ ਇੱਕ ਘਰ ਵਿੱਚ ਵੜ ਗਏ। ਹਾਲਾਂਕਿ ਹਮਲਾਵਰ ਨੌਜਵਾਨਾਂ ਵੱਲੋਂ ਕੁਝ ਦੇਰ ਪਿੱਛਾ ਕੀਤਾ ਗਿਆ ਪਰ ਜਦੋਂ ਘਰ ਅੰਦਰ ਵੜ ਗਏ ਤਾਂ ਇਹ ਨੌਜਵਾਨ ਆਪਣੇ ਆਪਣੇ ਮੋਟਰਸਾਈਕਲਾਂ ਤੇ ਬੈਠ ਕੇ ਅੱਗੇ ਨਿਕਲ ਗਏ।
ਇਸ ਤੋਂ ਕੁਝ ਹੀ ਦੂਰੀ ਤੇ ਪਿੰਡ ਕਾਲਾ ਨੰਗਲ ਦੇ ਸ਼ਹੀਦੀ ਗੇਟ ਨੇੜੇ ਮੋਪਡ ਤੇ ਜਾ ਰਿਹਾ ਹਰਪ੍ਰੀਤ ਨਾਂ ਦਾ 26 ਸਾਲ ਨੌਜਵਾਨ ਇਹਨਾਂ ਦੇ ਹੱਥੇ ਚੜ ਗਿਆ ਤੇ ਉਸ ਕੋਲੋਂ ਸਬਜੀ ਖਰੀਦਣ ਲਈ ਰੱਖੇ ਗਏ 15 ਹਜਾਰ ਰੁਪਏ ਇਹਨਾਂ ਵੱਲੋਂ ਹਥਿਆਰਾਂ ਦੀ ਨੋਕ ਤੇ ਲੁੱਟ ਲਏ ਗਏ। ਹਰਪ੍ਰੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਇਨਾ ਸਹਿਮਿਆ ਹੋਇਆ ਹੈ ਕਿ ਕਿਸੇ ਨਾਲ ਠੀਕ ਢੰਗ ਨਾਲ ਗੱਲ ਵੀ ਨਹੀਂ ਕਰ ਪਾ ਰਿਹਾ। ਉਹਨਾਂ ਵੱਲੋਂ ਹਰਪ੍ਰੀਤ ਦੇ ਫੋਨ ਕਰਨ ਤੇ ਮੌਕੇ ਤੇ ਪਹੁੰਚ ਕੇ ਲੁੱਟ ਦੀ ਸੂਚਨਾ 112 ਨੰਬਰ ਤੇ ਕਾਲ ਕਰਕੇ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਜਲਦੀ ਹੀ ਲੁੱਟ ਖੋਹ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪੈਸੇ ਵਾਪਸ ਦਵਾਏ ਜਾਣਗੇ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਕ ਦਿਨ ਪਹਿਲਾਂ ਹੀ ਸਵੇਰੇ ਤੜਕਸਾਰ ਇਸੇ ਰੋਡ ਤੇ ਸਾਈਕਲ ਤੇ ਜਾ ਰਹੇ ਪਿੰਡ ਵਰਸੋਲਾ ਦੇ ਰਹਿਣ ਵਾਲੇ ਰਾਜੂ ਨਾਮ ਦੇ ਇੱਕ ਭੱਠਾ ਮਜ਼ਦੂਰ ਕੋਲੋਂ ਢਿੱਲੋ ਪੈਲਸ ਵਰਸੋਲਾ ਨੇੜੇ ਮੋਟਰਸਾਈਕਲ ਸਵਾਰਾਂ ਵੱਲੋਂ 1500 ਰੁਪਏ ਅਤੇ ਮੋਬਾਇਲ ਫੋਨ ਖੋਹ ਲਿਆ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੁਖਜਿੰਦਰਾ ਕਾਲਜ ਵਿਖੇ ਜਿਲਾ ਪ੍ਰਸ਼ਾਸਨ ਵੱਲੋਂ ਸਟਰੋਂਗ ਰੂਮ ਬਣਾਇਆ ਗਿਆ ਹੈ।।ਚਾਰ ਜੂਨ ਨੂੰ ਇੱਥੇ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ ਜਿਸ ਕਾਰਨ ਇਹ ਹਾਈ ਸਿਕਿਉਰਟੀ ਵਾਲਾ ਏਰੀਆ ਹੈ। ਲੋਕ ਸਭਾ ਹਲਕੇ ਦੀਆਂ ਸਾਰੀਆਂ ਈਵੀਐਮ ਮਸ਼ੀਨਾਂ ਇੱਥੇ ਪਹੁੰਚ ਰਹੀਆਂ ਹਨ । ਅਜਿਹੇ ਸੰਵੇਦਣਸ਼ੀਲ ਇਲਾਕੇ ਵਿੱਚ ਅਜਿਹਾ ਘਟਨਾਵਾਂ ਚਿੰਤਾ ਦਾ ਵਿਸ਼ੇ ਹੈ।
ਜਦੋਂ ਇਸ ਬਾਰੇ ਥਾਣਾ ਸਦਰ ਦੇ ਐਸ ਐਚ ਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਵਿੱਚ ਸਿਰਫ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਮਿਲੀ ਹੈ। ਜਿਸ ਦੇ ਅਧਾਰ ਤੇ ਕੁਛ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਜਲਦੀ ਹੀ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।